Punjabi » Article » ਡਾਕਟਰ ਜਗਤਾਰ ਦੀ ਕਵਿਤਾ
ਪੰਜਾਬੀ » ਲੇਖ » ਡਾਕਟਰ ਜਗਤਾਰ ਦੀ ਕਵਿਤਾ


« ਡਾਕਟਰ ਜਗਤਾਰ ਦੀ ਕਵਿਤਾ »

ਇਹ ਲੇਖ 2836 ਵਾਰ ਪੜਿਆ ਗਿਆ ਹੈ।
vikramurdu ਵਲੋਂ 2008-06-25 08:51:51 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ
ਡਾਕਟਰ ਜਗਤਾਰ


ਡਾਕਟਰ ਜਗਤਾਰ ਅਜੋਕੇ ਪੰਜਾਬੀ ਸਾਹਿਤ ਦਾ ਇੱਕ ਬਹੁੱਤ ਹੀ ਮਕਬੂਲ ਸ਼ਾਇਰ ਹੈ।ਉਸ ਦੀ ਮਕਬੂਲ ਸ਼ਾਇਰੀ ਹੀ ਉਸ ਦੀ ਪਹਿਚਾਣ ਹੈ। ਜਗਤਾਰ ਨੇ ਸਮੇ ਦੀ ਨਬਜ਼ ਨੂੰ ਪਕੜ ਕੇ ਸਮਾਜਿਕ ਜਮਾਤੀ ਘੋਲ, ਅਨਿਆਂ ਤੇ ਜ਼ਬਰ ਦੇ ਖਿਲਾਫ ਸੋਚ ਨੂੰ ਕਵਿਤਾ ਦੇ ਜ਼ਰੀਏ ਪੰਜਾਬੀ ਸਾਹਿਤ ਨੂੰ ਵੱਡਮੁੱਲੀ ਦੇਣ ਦਿੱਤੀ ਹੈ । ਜਗਤਾਰ ਪੰਜਾਬ ਦੇ ਪਿੰਡਾਂ ਵਿਚ ਵਿਚਰਦਾ ਹੈ ਤੇ ਉਥੋ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਆਪਣੇ ਸੂਖਮ ਭਾਵਾਂ ਚੌ ਕਵਿਤਾ ਜ਼ਾਂ ਗ਼ਜ਼ਲ ਦੇ ਰੂਪ ਵਿੱਚ ਸਮੁੱਚੀ ਮਾਨਵਤਾ ਨੂੰ ਕਲ੍ਹਾਵੇ ‘ਚ ਲੈਦਾਂ ਹੈ । ਉਸ ਦਾ ਵਿਸ਼ਾ ਉਸ ਦੀ ਪਿੱਠ ਭੁਮੀ ਤੋ ਦੂਰ ਨਹੀ ਹੁੰਦਾ। ਉਹ ਹਮੇਸ਼ਾ ਆਪਣੇ ਪਿਛੋਕੜ ‘ਚ ਵਿਚਰਦਾ ਹੈ ਤੇ ਵਿਸ਼ਵ ਪੱਧਰ ਤੇ ਸੰਵਾਦ ਛੇੜਦਾ ਹੈ ।ਸੰਵਾਦ ਨੂੰ ਗਹਿਰਾਈ ਵਿਚ ਲਿਜਾਦਾਂ ਹੈ ਤੇ ਭਾਵਪੂਰਕ ਪਰਪੱਕ ਸ਼ਬਦਾਂ ਰਾਹੀਂ ਤਾਰੀ ਲਾ ਕੇ ਬਾਹਰ ਆਉਦਾਂ ਹੈ । ਸਮੁੱਚੀ ਕਵਿਤਾ ਸੰਘਰਸ਼ਮਈ ਸੰਕਲਪ ਦਾ ਚਿੰਤਨ ਤੇ ਮਾਰਕਸਵਾਦੀ ਕਲਾ ਸ਼ਾਸਤਰ (ੰੳਰਣਸਿਟ ਓਸਟਹੲਟਚਿਸ) ਤੇ ਅਧਾਰਤ ਹੈ ।ਸਿਸਟਮ ਦੀਆਂ ਬਾਰੀਕੀਆਂ ਵਿਚ ਜਾ ਕੇ ਸ਼ਬਦਾਂ ਦੀ ਤੰਦ ਪਾ ਕੇ ਸੋਚ ਨੂੰ ਉਭਾਰਨ ਵਿਚ ਬਹੁਤ ਹੀ ਕਾਮਯਾਬ ਹੈ।ਉਸ ਦੀ ਕਵਿਤਾ ਵਿਚ ਵਿਚਾਰ ਭਾਰੂ ਹੈ ਤੇ ਬੇਸ਼ੁਮਾਰ ਅਨੁਭਵ ਹੈ । ਗਜ਼ਲ ਵਿਚ ਬੜੀ ਬਾਖੂਬੀ ਨਾਲ ਅਰੂਜ਼ ਤੇ ਸ਼ਬਦਾਂ ਦੀ ਵਰਤੋ ਕਰਦਾ ਹੈ। ਉਸ ਦੀ ਕਾਵਿਕ ਸ਼ੈਲੀ ਉਸ ਦੀ ਪਹਿਚਾਣ ਹੈ ਜਿਸ ਕਰਕੇ ਗਜ਼ਲ ਦੇ ਪਿੜ ‘ਚ ਜਗਤਾਰ ਇੱਕ ਮੀਲ ਪੱਥਰ ਹੈ। ਲੈਹਿੰਦੇ ਤੇ ਚੜਦੇ ਪੰਜਾਬ ਦੀ ਧੜਕਣ ਹੈ। ਸੇਵਾ ਮੁਕਤ ਪੰਜਾਬੀ ਦਾ ਪ੍ਰੋਫੈਸਰ ਹੈ ਅਤੇ ਕੁਲਵਕਤੀ ਲੇਖਕ ਹੈ।ਪੇਸ਼ ਹਨ ਉਸਦੀਆਂ ਕੁਝ ਨਜ਼ਮਾਂ ।


(1)

ਸਮਝੇ ਖੁਦਾ, ਖੁਦਾ ਦਾ ਜੋ ਘਰ ਜਲਾ ਗਏ ਨੇ ।
ਪਰ ਸ਼ਹਿਰ ਕਿਉ ਲਹੂ ਦਾ ਦਰਿਆ ਬਣਾ ਗਏ ਨੇ।

ਚਿੜੀਆਂ ਦਾ ਫਿਕਰ ਕਿੰਨੈ, ਸਾਰੇ ਨਿਜ਼ਾਮ ਤਾਈ ,
ਹਰ ਆਲ੍ਹਣੇ ਦੀ ਰਾਖੀ , ਸ਼ਿਕਰੇ ਬਠਾ ਗਏ ਨੇ ।

ਕਿਆ ਬਰਫਬਾਰਿੳ ਹੈ, ਮੌਸਮ ਬਚਾਉਣ ਦਾ ਗੁਰ ,
ਇਕ ਇਕ ਗੁਲਾਬ ਚੁਣਕੇ, ਧੁੱਪਾਂ ‘ਚ ਪਾ ਗਏ ਨੇ ।

ਤਕਸੀਮ ਹੋ ਰਹੇ ਨੇ , ਬੰਦੇ ਖੁਦਾ ਵਤਨ ਵੀ ,
ਪੱਟੀ ਖੁਦਾ ਦੇ ਵਾਰਸ , ਐਸੀ ਪੜ੍ਹਾ ਗਏ ਨੇ ।

ਧੁੱਪਾਂ ‘ਚ ਕੁਝ ਕਹੇਗਾ , ਬਾਰਸ਼ ‘ਚ ਕੁਝ ਕਹੇਗਾ ,
ਇੱਕ ਇਸ਼ਤਿਹਾਰ ਐਸਾ, ਹਰ ਘਰ ‘ਚ ਲਾ ਗਏ ਨੇ ।

ਮਕਤਲ ਹੀ ਬਣ ਗਿਆ ਹੈ, ਸਾਰਾ ਵਤਨ ਇਹ ਮੇਰਾ,
ਤਲਵਾਰ ਨੂੰ ਉਹ ਐਸਾ, ਭੂਏ ਚੜ੍ਹਾ ਗਏ ਨੇ ।

ਮਲਬੇ ‘ਚ ਨੇ ਗਵਾਚੇ, ਰਸਤੇ ਵੀ ਸਭ ਘਰਾਂ ਦੇ
ਵਸਦੇ ਨਗਰ ਨੂੰ ਐਸਾ, ਖੰਡਹਰ ਬਣਾ ਗਏ ਨੇ ।


(2)

ਬਣਾਉਦੇ ਹਰ ਨਗਰ ਹੁਣ ਲੋਕ ਬੰਦੂਕਾਂ ਵੀ ਖੰਜਰ ਵੀ ,
ਮਗਰ ਕੁਝ ਲੋਕ ਗਮਲੇ ਵੀ ਬਣਾਉਦੇ ਨੇ ਤੇ ਝਾਂਜਰ ਵੀ ।

ਹੈ ਕੁਰਛੇਤਰ ‘ਚ ਰਥ ਟੁੱਟਾ ਪਿਆ ਬਿਖਰੀ ਪਈ ਗੀਤਾ,
ਅਯੁਧਿਆ ਸਰ ਕਰਨ ਅਰਜਨ ਗਏ ਨੇ ਨਾਲ ਲਸ਼ਕਰ ਵੀ ।

ਪਹਾੜੀ ਕੰਧਰਾਂ ਵਿਚ ਜੇ ਮਿਲਨਗੇ ਬੇਥ੍ਹਵੇ ਪਿੰਜਰ ,
ਮਿਲਨਗੇ ਬੀਤ ਚੁੱਕੀ ਸਭਿਅਤਾ ਦੇ ਕੁਝ ਕੁ ਅਨਸਰ ਵੀ ।

ਸੀ ਬਣਿਆ ਖਾਕ ਤੋ ਗਮਲਾ ਮਗਰ ਦੀਵਾਰ ਬਣ ਬੈਠਾ,
ਹੈ ਮਿੱਟੀ ਤੜਫਦੀ ਗਮਲੇ ਤੋ ਬਾਹਰ ਵੀ ਅੰਦਰ ਵੀ ।

ਨਜ਼ਰ ਬਦਲੇ ਤਾਂ ਕੇਵਲ ਰਿਸ਼ਤਿਆਂ ਦੇ ਅਰਥ ਨਾ ਬਦਲਨ,
ਨਜ਼ਰ ਦੇ ਨਾਲ ਹੀ ਅਕਸਰ ਬਦਲ ਜਾਂਦੇ ਨੇ ਮੰਜ਼ਰ ਵੀ ।

ਉਹ ਰਖ ਬੈਠੀ ਕਿਤੇ ਕੁਰਆਨ ਅੱਗੇ ਝਾਂਜਰਾਂ ਭੁਲਕੇ ,
ਸਵੇਰੇ ਉਠ ਪਿਆ ਤੂਫਾਨ ਅੰਦਰ ਵੀ ਤੇ ਬਾਹਰ ਵੀ ।


(3)
ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ।
ਯਾ ਖੁਦਾ ਸਭ ਬੇਘਰਾਂ ਨੂੰ ਘਰ ਦਈਂ ।

ਹਰ ਸੁਹਾਗਣ ਦਾ ਰਹੇ ਜ਼ਿੰਦਾ ਸੁਹਾਗ ,
ਉਮਰ ਬੀਤੀ ਜਾ ਰਹੀ ਨੂੰ ਵਰ ਦਈਂ ।

ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀਂ ,
ਖੌਫ ਹਰ ਕਾਤਿਲ ਦੇ ਸੀਨੇ ਭਰ ਦਈਂ ।

ਹਰ ਸਿਪਾਹੀ ਪਰਤ ਆਵੇ ਜੰਗ ਚੌਂ ,
ਖਾਕ ਚਿਹਰੇ ਫਿਰ ਰੌਸ਼ਨ ਕਰ ਦਈਂ ।

ਸ਼ਾਰਿਆਂ ਦੇਸ਼ਾਂ ਨੂੰ ਬਖਸ਼ੀਂ ਅਮਨ ਤੂੰ ,
ਸ਼ਭ ਗੁਲਾਮਾਂ ਨੂੰ ਸਤੁੰਤਰ ਕਰ ਦਈਂ ।

ਸ਼ਭ ਮਰੀਜ਼ਾਂ ਨੂੰ ਮਿਲੇ ਸਬਰੋ-ਕਰਾਰ ,
ਮੁੱਦਤਾਂ ਦੇ ਜ਼ਖਮ ਸਾਰੇ ਭਰ ਦਈਂ ।

ਬੇੜੀਆਂ ਤੇ ਝਾਂਜਰਾਂ ਤੋ ਇਸ ਵਰ੍ਹੇ ,
ਮੁਕਤ ਕੈਦੀ , ਕਸਬੀਆ ਨੂੰ ਕਰ ਦਈਂ ।


(4)

ਹਰ ਪੈਰ ਦੇ ਸਲੀਬਾਂ, ਹਰ ਮੋੜ ਤੇ ਹਨੇਰਾ ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ ।

ਕਿੰਨੀ ਕੁ ਦੇਰ ਮਿੱਟੀ ਖਾਮੋਸ਼ ਰਹਿ ਸਕੇਗੀ,
ਕਿੰਨਾ ਕੁ ਚਿਰ ਰਹੇਗਾ ਖਾਮੋਸ਼ ਖੂਨ ਮੇਰਾ ।

ਪੱਥਰ ਤੇ ਨਕਸ਼ ਹਾਂ ਮੈਂ, ਮੈਂ ਰੇਤ ਤੇ ਨਹੀ ਹਾਂ
ਜਿੰਨਾ ਕਿਸੇ ਮਟਾਇਆ, ਹੁੰਦਾਂ ਗਿਆਂ ਡੁੰਘੇਰਾ ।

ਇਤਿਹਾਸ ਦੇ ਸਫੇ ਤੇ, ਤੇ ਵਕਤ ਦੇ ਪਰਾਂ ਤੇ ,
ਉਂਗਲਾਂ ਡਬੋ ਲਹੂ ਵਿਚ, ਲਿਖਿਆ ਹੈ ਨਾਮ ਤੇਰਾ।

ਆ ਆ ਖਿਆਲ ਤੇਰਾ, ਜੰਗਲ-ਗਮਾਂ ਦਾ ਚੀਰੇ ,
ਜੁਗਨੂੰ ਹੈ ਚੀਰ ਜਾਂਦਾ ਜਿਉਂ ਰਾਤ ਦਾ ਹਨੇਰਾ ।

ਪੈਰਾਂ ‘ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉਡਦੈ ਚਿਹਰੇ ਦਾ ਰੰਗ ਤੇਰਾ ।

ਮੇਰੇ ਵੀ ਪੈਰ ਚੁੰਮ ਕੇ ਇਕ ਦਿਨ ਕਹੇਗੀ ਬੇੜੀ ,
ਸਦ ਸ਼ੁਕਰ ਹੈ ਕਿ ਆਇਐ ਮਹਿਬੂਬ ਅੰਤ ਮੇਰਾ ।

ਹਰ ਕਾਲ ਕੋਠੜੀ ਵਿਚ ਤੇਰਾ ਹੈ ਜ਼ਿਕਰ ਏਦਾਂ,
ਗਾਰਾਂ ‘ਚ ਚਾਨਣੀ ਦਾ ਹੋਵੇ ਜਿਵੇਂ ਬਸੇਰਾ ।


(5)

ਰਾਤ ਦੇ ਦਰਦ
ਜਦ ਕਦੇ, ਇਤਿਹਾਸ ਦੁਰਹਾਇਆ ਗਿਆ
ਵਕਤ ਨੇ ਇਕ ਪਲ ਖਲੋਕੇ ਦੇਖਿਆ
ਕੌਣ ਹੈ ਨਾਇਕ ਸਮੇਂ ਦਾ ?
ਤੇ ਉਹ ਲਮਹਾ ਵਕਤ ਨਾਲੋ ਟੁੱਟ ਕੇ
ਇਤਿਹਾਸ ਅੰਦਰ ਜੁੜ ਗਿਆ ।

ਰਾਤ ਦੇ,
ਕਾਲੇ ਸਿਆਹ-
ਬੇਰਹਿਮ ਛਿਣ ਅੰਦਰ ਖਲੋਤੇ
ਦਰਦ ਦੇ ਲਮਹੇ ਨੂੰ ਸਾਰੇ
ਦੇਖਦੇ ਹਾਂ ।
ਇਹ ਕਦੋ ਇਤਿਹਾਸ ਦਾ
ਨਾਇਕ ਬਣੇਗਾ ?
ਦਰਦ ਦੇ ਛਿਣ ਹੀ ਤਾਂ ਨਇਕ ਜਨਮਦਾ ।

ਅੱਜ ਰੰਗਾਂ ਤੇ ਸੁਗੰਧਾਂ
ਸ਼ਬਜ਼-ਸਾਖਾਂ ਨੂੰ ਹਨੇਰਾ
ਰਾਤ ਭਰ ਪਤਝੜ ਦੇ ਹੀ
ਸੁਪਨੇ ਵਖਾਵੇ ।
ਫੁੱਲ ਜੰਮਣ ਤੋਂ ਹੀ ਪਹਿਲਾਂ
ਰੰਗ, ਸ਼ਾਖਾਂ, ਪੱਤ, ਸਬਜ਼ਾ
ਕਿਸ ਕਦਰ ਹਲਕਾਨ ਨੇ!
ਕਿਸ ਕਦਰ ਹੈਰਾਨ ਨੇ!
ਕੀ ਪਤਾ ਇਸ ਹਾਲ ਵਿਚ
ਫੁੱਲਾਂ ਦੀ ਰੁੱਤ ਆਵੇ ਨਾ ਆਵੇ।

ਜੇ ਸਲੀਬਾਂ ਤੋਂ ਕਤਲਗਾਹਾਂ ਦੇ ਅੰਦਰ
ਧਰਤ ਉਤੇ-
ਖੂਨ ਦਾ ਕਤਰਾ ਵੀ ਡਿੱਗਾ
ਧਰਤ ਪੁੱਟ ਦਿੱਤੀ ਗਈ
ਖੌਣ ਨਹੀ ਇਹ ਜਾਣਦਾ
ਕਿ ਬੀਜ ਆਖਰ ਬੀਜ ਹੈ
ਡਿਗ ਪਏ ਤਾ ਫੁੱਟ ਕੇ ਰਹਿਣੇ ਜ਼ਰੂਰ
ਖੂਨ ਨੇ ਕੋਈ ਸ਼ਕਲ ਆਖਰ ਧਾਰਨੀਂ ਹੈ ।


(6)
ਵਸੀਅਤ

ਮੈਂ ਆਪਣਾ ਕਤਲਨਾਮਾ ਪੜ੍ਹ ਲਿਆ ਹੈ
ਜ਼ਰਾ ਠਹਿਰੋ !
ਕੋਈ ਬਸਤੀ ‘ਚ ਤਾਂ ਬਾਕੀ ਨਹੀ ਬਚਿਆ
ਦਰਖਤਾਂ ਨੂੰ ਵਸੀਅਤ ਕਰ ਲਵਾਂ ਮੈਂ ।

"ਮਿਰੇ ਯਾਰੋ
ਮਿਰੇ ਪਿੱਛੋ
ਤੁਸੀ ਕਿਸ਼ਤੀ ਵੀ ਬਣਨਾ ਹੈ
ਤੁਸੀ ਚਰਖਾ ਵੀ ਬਣਨਾ ਹੈ
ਤੁਸੀ ਰੰਗੀਲ ਪੀੜਾ ਵੀ
ਤੇ ਪੰਘੂੜਾ ਵੀ ਬਣਨਾ ਹੈ
ਮਗਰ ਕੁਰਸੀ ਨਹੀ ਬਣਨਾ।

"ਮਿਰੇ ਯਾਰੋ
ਮਿਰੇ ਪਿੱਛੋ
ਤੁਸੀ ਹਰ ਹਾਲ
ਡਿਗਦੀ ਛੱਤ ਦੀ ਥੰਮ੍ਹੀ ਤਾਂ ਬਣਨਾ ਹੈ
ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ
ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ ।

"ਮਿਰੇ ਯਾਰੋ
ਮਿਰੇ ਪਿੱਛੋ
ਕਿਸੇ ਭੀਲ ਦਾ ਨਾਵਕ ਤਾਂ ਬਣ ਜਾਣਾ
ਦਰੋਣਚਾਰੀਆ ਦੀ ਢਾਲ ਨਾ ਬਣਨਾ ।
ਕਿਸੇ ਪੂਰਨ ਦੀਆਂ ਮੁੰਦਰਾਂ ਤਾਂ ਬਣ ਜਾਣਾ
ਕਿਸੇ ਵੀ ਰਾਮ ਦੇ ਪਊਏ ਨਹੀ ਬਣਨਾ।
ਕਿਸੇ ਚਰਵਾਲ ਦੀ ਵੰਝਲੀ ਤਾਂ ਬਣ ਜਾਣਾ
ਤਿਲਕ ਵੇਲੇ -
ਕਿਸੇ ਵੀ ਰਾਜ ਘਰ ਵਿਚ
ਪਰ ਸ਼ਹਾਦਤ ਦੀ ਕਦੇ ਉਂਗਲੀ ਨਹੀ ਬਣਨਾ।

"ਮਿਰੇ ਯਾਰੋ
ਮਿਰੇ ਪਿੱਛੋ
ਤੁਸੀ ਛਾਵਾਂ ਦੇ ਰੂਪ ਅੰਦਰ
ਤੁਸੀ ਪੌਣਾਂ ਦੇ ਰੂਪ ਅੰਦਰ
ਤੁਸੀ ਫੁੱਲ਼ਾਂ, ਫਲਾਂ, ਮਹਿਕਾਂ ਦੇ ਰੂਪ ਅੰਦਰ
ਦੁਆਵਾਂ ਹੀ ਬਣੇ ਰਹਿਣਾ
ਕਦੇ ਤੁਫਾਨ ਨਾ ਬਣਨਾ ।

"ਮਿਰੇ ਯਾਰੋ
ਮਿਰੇ ਪਿੱਛੋ
ਜਦੋਂ ਇਹ ਜ਼ਰਦ ਮੌਸਮ ਖਤਮ ਹੋ ਜਾਵੇ
ਜਦੋਂ ਹਰ ਸ਼ਾਖ ਦਾ ਨੰਗੇਜ ਲੁਕ ਜਾਵੇ
ਜੋ ਹਿਜਰਤ ਕਰ ਗਏ ਨੇ
ਉਹ ਪਰਿੰਦੇ ਪਰਤ ਆਵਣ
ਤੁਸੀਂ ਇਕ ਜਸ਼ਨ ਕਰਨਾ
ਉਸ ਮਿੱਟੀ ਦਾ
ਜੋ ਪੀਲੇ ਮੌਸਮਾਂ ਵਿਚ ਕਤਲ ਹੋ ਕੇ ਵੀ
ਜੜ੍ਹਾਂ ਅੰਦਰ ਸਦਾ ਮਹਿਫੂਜ਼ ਰਹਿੰਦੀ ਹੈ
ਨਾ ਮਰਦੀ ਹੈ
ਨਾ ਮਿਟਦੀ ਹੈ
ਸਿਰਫ ਸ਼ਕਲਾਂ ਬਦਲਦੀ ਹੈ” ।

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ