Punjabi » Article » 'ਚੀਅਰਸ'
ਪੰਜਾਬੀ » ਲੇਖ » 'ਚੀਅਰਸ'


« 'ਚੀਅਰਸ' »

ਇਹ ਲੇਖ 1817 ਵਾਰ ਪੜਿਆ ਗਿਆ ਹੈ।
meetsandhu1313 ਵਲੋਂ 2009-01-21 09:33:10 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

ਮੈਰਿਜ ਪੈਲੇਸ ਦਾ ਬਹੁਤ ਵੱਡਾ ਸਜਿਆ-ਸਜਾਇਆ ਹਾਲ। ਐਲੀਟ ਕਲਾਸ ਦੇ ਲੋਕ ਪੜ੍ਹੇ-ਲਿਖੇ ਡਾਕਟਰ, ਇੰਜੀਨੀਅਰ,ਅਮੀਰ ਬਿਜ਼ਨਸ ਵਾਲੇ। ਵੱਧ ਤੋਂ ਵੱਧ ਇੱਕ-ਦੂਜੇ ਨੂੰ ਮਾਤ ਪਾਉਂਦੀਆਂ, ਸਜੀਆਂ-ਸਜਾਈਆਂ ਔਰਤਾਂ-ਮਰਦ। ਹੀਰੇ, ਮੋਤੀ, ਭਾਰੀ ਤੋਂ ਭਾਰੀ ਸਾੜੀਆਂ ਦੀ ਜਿਵੇਂ ਪ੍ਰਦਰਸ਼ਨੀ ਲੱਗੀ ਹੋਵੇ। ਅੱਜ ਮਹਿਮਾ ਦੀ ਮਹਿੰਦੀ ਰਾਤ ਹੈ। ਖੂਬ ਰੌਣਕ ਹੈ। ਸ਼ੋਰ-ਸ਼ਰਾਬਾ ਹੈ। ਮਰਦਾਂ ਲਈ ਹਾਲ ਦੇਸੱਜੇ ਪਾਸੇ ਵੱਖਰਾ ਇੰਤਜ਼ਾਮ ਹੈ। ਗਿਲਾਸ ਨਾਲ ਗਿਲਾਸ ਟਕਰਾਉਂਦੇ 'ਚੀਅਰਸ' ਦੀ ਉੱਚੀ ਆਵਾਜ਼ ਹਾਲ ਵਿਚ ਗੂੰਜਦੀ ਹੈ। ਕਈਆਂ ਫੈਸ਼ਨਏਬਲ ਔਰਤਾਂ ਦੇ ਹੱਥਾਂ ਵਿਚ ਗਿਲਾਸ ਹਨ। ਉਹ ਔਰਤਾਂ ਦੇ ਝੁੰਡਾਂ ਵਿਚੋਂ ਇੱਕ ਪਾਸੇ ਹੋ ਗਈਆਂ ਹਨ।
ਇੱਕ ਕੋਨੇ ਵਿਚ ਡੀ.ਜੇ. ਦਾ ਪਲੇਟਫਾਰਮ, ਜਗਦੀਆਂ-ਬੁਝਦੀਆਂ ਰੰਗੀਨ ਬੱਤੀਆਂ ਆਪਣੀ ਹੋਂਦ ਦਰਸਾ ਰਹੀਆਂ ਹਨ। ਚਿੱਟੀ ਵੱਡੀ ਚਾਦਰ ਉੱਤੇ ਘਰ ਦੀਆਂ ਕੁਝ ਵੱਡੀਆਂ-ਵਡੇਰੀਆਂ ਤੇ ਮਹਿਮਾ ਦੀਆਂ ਨਾਨੀ-ਦਾਦੀ ਬੈਠੀਆਂ ਹਨ। ਕੋਲ ਹੀ ਲਾਲ

ਫੁੰਮਣ ਬੱਝੀ ਢੋਲਕੀ ਕਿਸੇ ਦੇ ਹੱਥਾਂ ਵਿਚ ਥਾਪ ਦਾ ਇੰਤਜ਼ਾਰ ਕਰ ਰਹੀ ਹੈ। ਹੌਲੀ-ਹੌਲੀ ਕੁੜੀਆਂ-ਚਿੜੀਆਂ ਨੇ ਢੋਲਕੀ ਦੁਆਲੇ ਘੇਰਾ ਜਿਹਾ ਬਣਾ ਲਿਆ। ਇੱਕ-ਦੂਜੇ ਵੱਲ ਢੋਲਕੀ ਖਿਸਕਾਉਂਦੀਆਂ ਹਨ, 'ਮੁਝੇ ਤੋਂ ਬਜਾਨੀ ਨਹੀਂ ਆਤੀ', 'ਮੁਝੇ ਭੀ ਨਹੀਂ, 'ਮੁਝੇ ਕੌਨ ਸੀ ਆਤੀ ਹੈ?'
ਹਮ ਤੋ ਨਾਚੇਂਗੇ....। ਡਾਂਸ ਕਰੇਂਗੇ....।
ਢੋਲਕੀ ਇਧਰ-ਉਧਰ ਰੁੜ੍ਹਦੀ ਰਹੀ। ਲਾਲ ਫੁੰਮਣ ਇੱਕ-ਦੂਜੇ ਤੋਂ ਨਕਾਰੇ ਜਾਣ ਕਾਰਨ ਗਰਦਨਾਂ ਧਰਤੀ ਵੱਲ ਸੁੱਟ ਲੈਂਦੇ ਹਨ। ਅੱਜ ਗੀਤਾਂ ਦੀ ਰਾਤ ਏ....ਢੋਲਕ ਗੀਤਾਂ ਦੀ...ਤਾੜੀਆਂ ਮਾਰ-ਮਾਰ ਕੁੜੀਆਂ ਲੋਕ ਗੀਤ ਗਾਉਣੇ ਹਨ....ਢੋਲਕੀ ਦੀ ਪਿੱਠ ਰੋੜੇ ਨਾਲ ਚੰਗੀ ਤਰ੍ਹਾਂ ਕੁੱਟਣੀ ਹੈ।
'ਪਹਿਲਾਂ ਪੰਜ ਸੁਹਾਗ ਗਾ ਕੇ ਰੀਤ ਪੂਰੀ ਕਰੋ ਨੀ ਕੁੜੀਓ', ਦਾਦੀ ਹੁਕਮ ਜਿਹਾ ਕੀਤਾ।
ਕਿੱਥੇ ਆਉਂਦੇ ਨੇ ਇਨ੍ਹਾਂ ਨੂੰ ਸੁਹਾਗ ਤੇ ਢੋਲਕ ਗੀਤ....ਹੁਣ ਤਾਂ ਪਿਕਟਰਾਂਦੇ ਗਾਣੇ ਤੇ ਲੱਕ ਮਟਕਾਉਣੇ ਆਉਂਦੇ ਨੇ ਇਨ੍ਹਾਂ ਨੂੰ....'
ਵੱਡੀਆਂ-ਵਡੇਰੀਆਂ ਨੇ ਕੰਬਦੀ ਬੇਸੁਰੀ ਜਿਹੀ ਆਵਾਜ਼ ਨਾਲ ਸੁਹਾਗ ਸ਼ੁਰੂ ਕੀਤਾ..'ਹਾਏ ਹੁਣ ਤਾਂ ਆਵਾਜ਼ਾਂ ਵੀ ਬੈਠ ਗਈਆਂ ਨੇ...ਸ਼ਗਨ ਹੀ ਨਹੀਂ'।
ਨੀ ਜਾਈਏ, ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ....?'
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਪਾਸ ਬਾਬਲ ਵੀ ਵਰ ਲੋੜੀਏ...।
''ਕਿਉਂ ਜੀ, ਹਮ ਤੋਂ ਖ਼ੁਦ ਢੂੰਡੇਂਗੇ....ਮੈਂ ਤੋ ਕਭੀ ਕਿਸੀ ਨਾਵਾਕਫ ਸੇ ਸ਼ਾਦੀ ਨਹੀਂ ਕਰੂੰਗੀ....ਜਬ ਤੱਕ ਅੱਛੀ ਤਰ੍ਹਾਂ ਦੇਖ-ਪਰਖ ਨਾ ਲੂੰ', ਇੱਕ ਕੁੜੀ ਮੋਢੇ ਮਾਰਦੀ ਬੋਲੀ।
''ਵਰ ਹੋਵੇ ਸ੍ਰੀ ਰਾਮ ਤੇ ਲਛਮਣ ਦੇਵਰ ਹੋਵੇ..., ਵੱਡੀਆਂ ਦਾ ਸੁਰ ਉਠਿਆ।
ਵੱਡੀਆਂ ਨੇ ਇੱਕ ਹੋਰ ਸੁਹਾਗ ਸ਼ੁਰੂ ਕੀਤਾ...'ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸੀਂ ਉਡ ਜਾਣਾ...ਸਾਡੀ ਲੰਮੀ ਉਡਾਰੀ ਵੇ' ਕੁੜੀਆਂ ਇਕੋ ਵਾਰੀ ਉਠੀਆਂ ਤੇ ਡੀ.ਜੇ. ਦੀ ਸਟੇਜ ਉੱਤੇ ਜਾ ਚੜ੍ਹੀਆਂ। ਸ਼ੋਰ-ਸ਼ਰਾਬ ਸ਼ੁਰੂ .... ''ਰੂਪ ਤੇਰਾ ਸੁਹਾਨਾ...''

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ